Revelation of John 19

1ਇਸ ਤੋਂ ਬਾਅਦ ਮੈਂ ਸਵਰਗ ਵਿੱਚ ਵੱਡੀ ਭੀੜ ਦੀ ਅਵਾਜ਼ ਵਰਗੀ ਇਹ ਆਖਦੇ ਸੁਣੀ, ਹਲਲੂਯਾਹ ! ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ੁਰ ਦੀ ਹੈ, 2ਉਹ ਦੇ ਨਿਆਂ ਤਾਂ ਸੱਚੇ ਅਤੇ ਠੀਕ ਹਨ, ਇਸ ਲਈ ਜੋ ਉਸ ਵੱਡੀ ਕੰਜਰੀ ਦਾ ਜਿਸ ਨੇ ਆਪਣੀ ਹਰਾਮਕਾਰੀ ਨਾਲ ਧਰਤੀ ਨੂੰ ਵਿਗਾੜਿਆ ਸੀ, ਨਿਆਂ ਕੀਤਾ ਅਤੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਹ ਦੇ ਹੱਥੋਂ ਲਿਆ ।

3ਉਹ ਦੂਜੀ ਵਾਰ ਬੋਲੇ, ਹਲਲੂਯਾਹ ! ਉਹ ਦਾ ਧੂੰਆਂ ਜੁੱਗੋ-ਜੁੱਗ ਪਿਆ ਉੱਠਦਾ ਹੈ ! 4ਤਾਂ ਉਹ ਚੌਵੀ ਬਜ਼ੁਰਗ ਅਤੇ ਚਾਰ ਪ੍ਰਾਣੀ ਡਿੱਗ ਪਏ ਅਤੇ ਪਰਮੇਸ਼ੁਰ ਨੂੰ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਮੱਥਾ ਟੇਕ ਕੇ ਬੋਲੇ, ਆਮੀਨ, ਹਲਲੂਯਾਹ !

5ਸਿੰਘਾਸਣ ਵੱਲੋਂ ਇੱਕ ਅਵਾਜ਼ ਇਹ ਆਖਦੇ ਆਈ, ਤੁਸੀਂ ਸੱਭੇ ਉਹ ਦੇ ਦਾਸੋ ਕੀ ਛੋਟੇ ਕੀ ਵੱਡੇ, ਜਿਹੜੇ ਉਸ ਦਾ ਡਰ ਮੰਨਦੇ ਹੋ, ਸਾਡੇ ਪਰਮੇਸ਼ੁਰ ਦੀ ਉਸਤਤ ਕਰੋ !

6ਤਾਂ ਮੈਂ ਵੱਡੀ ਭੀੜ ਦੀ ਅਵਾਜ਼ ਵਰਗੀ ਅਤੇ ਬਾਹਲਿਆਂ ਪਾਣੀਆਂ ਦੀ ਅਵਾਜ਼ ਵਰਗੀ ਅਤੇ ਬੱਦਲ ਦੀਆਂ ਡਾਢੀਆਂ ਗਰਜਾਂ ਦੀ ਅਵਾਜ਼ ਵਰਗੀ ਇਹ ਆਖਦੇ ਸੁਣੀ, - ਹਲਲੂਯਾਹ ! ਪ੍ਰਭੂ ਸਾਡਾ ਪਰਮੇਸ਼ੁਰ ਸਰਬ ਸ਼ਕਤੀਮਾਨ ਰਾਜ ਕਰਦਾ ਹੈ !

7ਆਓ, ਅਸੀਂ ਅਨੰਦ ਕਰੀਏ ਅਤੇ ਖੁਸ਼ ਹੋਈਏ, ਅਤੇ ਉਹ ਦੀ ਵਡਿਆਈ ਕਰੀਏ, ਲੇਲੇ ਦਾ ਵਿਆਹ ਜੋ ਆ ਗਿਆ ਹੈ, ਅਤੇ ਉਹ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ । 8ਇਹ ਉਸ ਨੂੰ ਬਖ਼ਸ਼ਿਆ ਗਿਆ ਕਿ ਸੁੰਦਰ ਅਤੇ ਸਾਫ਼ ਕਤਾਨ ਦੀ ਪੁਸ਼ਾਕ ਪਾਵੇ, ਇਹ ਕਤਾਨ ਤਾਂ ਸੰਤਾਂ ਦਾ ਧਰਮੀ ਕੰਮ ਹੈ ।

9ਤਾਂ ਦੂਤ ਨੇ ਮੈਨੂੰ ਆਖਿਆ, ਲਿਖ ਕਿ ਧੰਨ ਉਹ ਜਿਹੜੇ ਲੇਲੇ ਦੇ ਵਿਆਹ ਦੀ ਦਾਵਤ ਵਿੱਚ ਸੱਦੇ ਹੋਏ ਹਨ ! ਅਤੇ ਮੈਨੂੰ ਆਖਿਆ ਕਿ ਇਹ ਪਰਮੇਸ਼ੁਰ ਦੀਆਂ ਸੱਚੀਆਂ ਗੱਲਾਂ ਹਨ । 10ਅਤੇ ਉਹ ਨੂੰ ਮੱਥਾ ਟੇਕਣ ਲਈ ਮੈਂ ਡਿੱਗ ਕੇ ਉਹ ਦੇ ਚਰਨੀ ਪਿਆ । ਤਾਂ ਉਸ ਨੇ ਮੈਨੂੰ ਆਖਿਆ ਕਿ ਇਸ ਤਰ੍ਹਾਂ ਨਾ ਕਰ ! ਮੈਂ ਤਾਂ ਤੇਰੇ ਅਤੇ ਤੇਰੇ ਭਰਾਵਾਂ ਦੇ ਜਿਹੜੇ ਯਿਸੂ ਦੀ ਗਵਾਹੀ ਦਿੰਦੇ ਹਨ ਨਾਲ ਦਾ ਦਾਸ ਹਾਂ । ਪਰਮੇਸ਼ੁਰ ਨੂੰ ਮੱਥਾ ਟੇਕ ! ਯਿਸੂ ਦੀ ਗਵਾਹੀ ਤਾਂ ਅਗੰਮ ਵਾਕ ਦੀ ਰੂਹ ਹੈ ।

11ਮੈਂ ਅਕਾਸ਼ ਨੂੰ ਖੁੱਲਿਆ ਹੋਇਆ ਦੇਖਿਆ, ਤਾਂ ਕੀ ਵੇਖਦਾ ਹਾਂ ਭਈ ਇੱਕ ਚਿੱਟਾ ਘੋੜਾ ਹੈ ਅਤੇ ਉਹ ਦਾ ਸਵਾਰ “ਵਫ਼ਾਦਾਰ” ਅਤੇ “ਸੱਚਾ” ਅਖਵਾਉਂਦਾ ਹੈ ਅਤੇ ਉਹ ਧਰਮ ਨਾਲ ਨਿਆਂ ਅਤੇ ਯੁੱਧ ਕਰਦਾ ਹੈ । 12ਉਹ ਦੀਆਂ ਅੱਖਾਂ ਅੱਗ ਦੀ ਲਾਟ ਹਨ, ਉਹ ਦੇ ਸਿਰ ਉੱਤੇ ਬਹੁਤ ਸਾਰੇ ਮੁਕਟ ਹਨ ਅਤੇ ਉਹ ਦਾ ਇੱਕ ਨਾਮ ਲਿਖਿਆ ਹੋਇਆ ਹੈ ਜਿਸ ਨੂੰ ਉਹ ਦੇ ਬਿਨ੍ਹਾਂ ਹੋਰ ਕੋਈ ਨਹੀਂ ਜਾਣਦਾ । 13ਅਤੇ ਉਹ ਇੱਕ ਬਸਤਰ ਲਹੂ ਨਾਲ ਛਿੜਕਿਆ ਹੋਇਆ ਪਹਿਨੇ ਹੋਏ ਹੈ ਅਤੇ ਉਹ ਦਾ ਨਾਮ “ਪਰਮੇਸ਼ੁਰ ਦਾ ਸ਼ਬਦ” ਅਖਵਾਉਂਦਾ ਹੈ ।

14ਅਤੇ ਜਿਹੜੀਆਂ ਫ਼ੌਜਾਂ ਸਵਰਗ ਵਿੱਚ ਹਨ, ਉਹ ਚਿੱਟੇ ਅਤੇ ਸਾਫ਼ ਕਤਾਨੀ ਕੱਪੜੇ ਪਹਿਨੀ ਚਿੱਟੇ ਘੋੜਿਆਂ ਉੱਤੇ ਉਹ ਦੇ ਮਗਰ ਮਗਰ ਆਉਂਦੀਆਂ ਹਨ । 15ਅਤੇ ਉਹ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਜੋ ਉਸ ਨਾਲ ਉਹ ਕੌਮਾਂ ਨੂੰ ਮਾਰੇ ਅਤੇ ਉਹ ਲੋਹੇ ਦੇ ਡੰਡੇ ਨਾਲ ਉਹਨਾਂ ਉੱਤੇ ਹਕੂਮਤ ਕਰੇਗਾ, ਅਤੇ ਉਹ ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਅੱਤ ਵੱਡੇ ਕ੍ਰੋਧ ਦੀ ਮੈਂ ਦੇ ਚੁਬੱਚੇ ਨੂੰ ਲਿਤਾੜਦਾ ਹੈ । 16ਉਹ ਦੇ ਬਸਤਰ ਉੱਤੇ ਅਤੇ ਉਹ ਦੇ ਪੱਟ ਉੱਤੇ ਇਹ ਨਾਮ ਲਿਖਿਆ ਹੋਇਆ ਹੈ, - “ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ।”

17ਮੈਂ ਇੱਕ ਦੂਤ ਨੂੰ ਸੂਰਜ ਵਿੱਚ ਖੜ੍ਹਾ ਵੇਖਿਆ ਅਤੇ ਉਸ ਨੇ ਉਹਨਾਂ ਸਭਨਾਂ ਪੰਛੀਆਂ ਨੂੰ ਜਿਹੜੇ ਅਕਾਸ਼ ਵਿੱਚ ਉੱਡਦੇ ਹਨ ਵੱਡੀ ਅਵਾਜ਼ ਨਾਲ ਆਖਿਆ, ਆਓ ਚੱਲੋ ਅਤੇ ਪਰਮੇਸ਼ੁਰ ਦੀ ਵੱਡੀ ਦਾਵਤ ਲਈ ਇਕੱਠੇ ਹੋਵੋ ! 18ਭਈ ਤੁਸੀਂ ਰਾਜਿਆਂ ਦਾ ਮਾਸ, ਫੌਜ ਦੇ ਸਰਦਾਰਾਂ ਦਾ ਮਾਸ, ਮਹਾਂ ਬਲੀਆਂ ਦਾ ਮਾਸ, ਘੋੜਿਆਂ ਨਾਲੇ ਉਨ੍ਹਾਂ ਦੇ ਸਵਾਰਾਂ ਦਾ ਮਾਸ ਅਤੇ ਕੀ ਅਜ਼ਾਦਾਂ ਕੀ ਗੁਲਾਮਾਂ, ਕੀ ਛੋਟਿਆਂ ਕੀ ਵੱਡਿਆਂ, ਸਭਨਾਂ ਦਾ ਮਾਸ ਖਾਓ !

19ਫੇਰ ਮੈਂ ਵੇਖਿਆ ਕਿ ਉਹ ਦਰਿੰਦਾ, ਧਰਤੀ ਦੇ ਰਾਜੇ ਅਤੇ ਉਨ੍ਹਾਂ ਦੀਆਂ ਫ਼ੌਜਾਂ ਇਕੱਠੀਆਂ ਹੋਈਆਂ ਕਿ ਉਹ ਅਤੇ ਉਹ ਦੀ ਫੌਜ ਦੇ ਨਾਲ ਯੁੱਧ ਕਰਨ, ਜਿਹੜਾ ਘੋੜੇ ਉੱਤੇ ਸਵਾਰ ਸੀ । 20ਅਤੇ ਉਹ ਦਰਿੰਦਾ ਫੜਿਆ ਗਿਆ ਅਤੇ ਉਹ ਦੇ ਨਾਲ ਉਹ ਝੂਠਾ ਨਬੀ ਵੀ ਜਿਸ ਨੇ ਉਹ ਦੇ ਸਾਹਮਣੇ ਉਹ ਨਿਸ਼ਾਨੀਆਂ ਵਿਖਾਈਆਂ ਜਿਨ੍ਹਾਂ ਨਾਲ ਉਸ ਨੇ ਉਹਨਾਂ ਨੂੰ ਭਰਮਾਇਆ ਸੀ ਜਿਨ੍ਹਾਂ ਉਸ ਦਰਿੰਦੇ ਦਾ ਦਾਗ ਲੁਆਇਆ ਸੀ, ਅਤੇ ਉਹਨਾਂ ਨੂੰ ਜਿਹੜੇ ਉਹ ਦੀ ਮੂਰਤੀ ਪੂਜਾ ਕਰਦੇ ਸਨ । ਇਹ ਦੋਵੇਂ ਉਸ ਅੱਗ ਦੀ ਝੀਲ ਵਿੱਚ ਜਿਹੜੀ ਗੰਧਕ ਨਾਲ ਬਲਦੀ ਹੈ ਜਿਉਂਦੇ ਜੀ ਸੁੱਟੇ ਗਏ !

ਅਤੇ ਹੋਰ ਸਭ ਉਸ ਘੋੜੇ ਦੇ ਸਵਾਰ ਦੀ ਤਲਵਾਰ ਨਾਲ ਜੋ ਉਹ ਦੇ ਮੂੰਹ ਵਿੱਚੋਂ ਨਿੱਕਲਦੀ ਸੀ ਵੱਢੇ ਗਏ ਅਤੇ ਸਾਰੇ ਪੰਛੀ ਉਹਨਾਂ ਦੇ ਮਾਸ ਨਾਲ ਰੱਜ ਗਏ ।

21

Copyright information for PanULB